Gyani Sant Singh Ji Maskeen

Gyaniji said: “That a Lion is considered more beautiful than a Lioness and a peacock more beautiful than a peahen is true, but a Lion never goes to a barber to have his beard shaved or his hair cut and a peacock never goes to a barber to pluck its feathers, but Men who also have this distinguishing quality go to barbers and cut their hair and shave their body and beard. Which is exactly similiar to a woman, so indirectly men want to look like women and loose the beautiful and distinguishing qualities God has given them.” …. Source: Gyani Sant Singh Ji Maskeen – Last Words.

ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਦਾ ਨਾਮ ਕਿਸੇ ਜਾਣਕਾਰੀ ਦਾ ਮੁਥਾਜ਼ ਨਹੀ ਹੈ । ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ ਹੋਏ ਹਨ। ਉਹ ਇੱਕ ਅਦੁੱਤੀ ਸ਼ਖਸੀਅਤ ਦਾ ਮਾਲਿਕ ਸਨ ਤੇ ਉਨ੍ਹਾਂ ਨੇ ਸਾਰਾ ਜੀਵਨ ਬਸ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਕਰ ਦਿੱਤਾ । ਉਹ ਕਹਿਣੀ ਤੇ ਕਰਨੀ ਦੇ ਪੂਰੇ ਬੜੇ ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ। ਇਸ ਮਹਾਨ ਵਿਆਖਿਆਕਾਰ ਦਾ ਜਨਮ 1934 ਈ. ਨੂੰ ਸੂਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਕਰਤਾਰ ਸਿੰਘ ਅਤੇ ਮਾਤਾ ਜੀ ਦਾ ਨਾਮ ਰਾਮ ਕੌਰ ਸੀ। ਆਪ ਜੀ ਦੀ ਵੱਢੀ ਭੈਣ ਦਾ ਨਾਮ ਸੁਜਾਨ ਕੌਰ ਸੀ ।ਆਪ ਜੀ ਨੇ ਮੁੱਢਲੀ ਵਿੱਦਿਆ ਖਾਲਸਾ ਸਕੂਲ ਪਾਕਿਸਤਾਨ ਤੋਂ ਲਈ। ਉਸ ਤੋਂ ਬਾਅਦ ਆਪ ਗੌਰਮਿੰਟ ਹਾਈ ਸਕੂਲ ਵਿਚ ਦਾਖਲ ਹੋਏ, ਪਰ 1947 ਵਿਚ ਦੇਸ਼ ਦੀ ਵੰਡ ਹੋਣ ਕਾਰਨ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੇ। ਦੇਸ਼ ਦੀ ਵੰਡ ਤੋਂ ਬਾਅਦ ਆਪ ਜੀ ਪਰਿਵਾਰ ਦੇ ਨਾਲ ਰਾਜਸਥਾਨ ਦੇ ਜ਼ਿਲ੍ਹਾ ਬਹਾਦਰਪੁਰ ਵਿਚ ਅਲਵਰ ਵਿਖੇ ਆ ਕੇ ਵੱਸ ਗਏ। ਪੜ੍ਹਾਈ ਦਾ ਢੰਗ ਬਦਲ ਜਾਣ ਕਾਰਨ ਆਪ ਜੀ ਹੋਰ ਸਕੂਲੀ ਵਿਦਿਆ ਨਾ ਲੈ ਪਾਏ ਤੇ ਛੋਟੀ ਉਮਰ ਵਿੱਚ ਹੀ ਆਪ ਜੀ ਨੇ ਕਈ ਤਰਾਂ ਦੀ ਕਿਰਤ ਕਰਨ ਦੀ ਕੋਸ਼ਿਸ਼ ਕੀਤੀ। ਆਪ ਜੀ ਥੋੜਾ ਚਿਰ ਰੇਲਵੇ ਦੀ ਮੁਲਾਜ਼ਮਤ ਵੀ ਕੀਤੀ। ਪਰ ਸਾਧੂ ਤਬੀਅਤ ਦਾ ਹੋਣ ਕਰਕੇ ਆਪ ਜੀ ਦਾ ਮਨ ਕਦੇ ਵੀ ਇਨ੍ਹਾਂ ਨੌਕਰੀਆਂ ਵਿੱਚ ਨਾ ਲੱਗਾ ਤੇ ਆਪ ਘਰ ਛੱਡ ਕੇ ਕਿਸੇ ਅਗਿਆਤ ਦੀ ਭਾਲ ਵਿੱਚ ਨਿਕਲ਼ ਪਏ । ਇਸੇ ਦੌਰਾਨ ਆਪ ਜੀ ਬੈਜਨਾਥ ਧਾਮ ਤੇ ਕਟਕ ਆਦਿ ਥਾਵਾਂ ’ਤੇ ਸਾਧੂਆਂ ਨਾਲ ਵਿਚਰਦੇ ਰਹੇ। ਉਨ੍ਹਾਂ ਨਿਰਮਲੇ ਸੰਤ ਗਿਆਨੀ ਬਲਵੰਤ ਸਿੰਘ ਪਾਸੋਂ ਬ੍ਰਹਮ ਵਿੱਦਿਆ ਹਾਸਲ ਕੀਤੀ। ਆਪ ਨੂੰ ਗੁਰਬਾਣੀ ਵਿਆਕਰਣ ਵਿੱਚ ਮੁਹਾਰਤ ਹਾਸਿਲ ਸੀ। ਸੰਤਾਂ ਦੀ ਸੰਗਤ ਸਦਕਾ ਕਥਾ ਕਰਨੀ ਆਰੰਭ ਕਰ ਦਿੱਤੀ। 1952 ਵਿਚ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਹ ਬਹੁਤ ਉਦਾਸ ਹੋ ਗਏ। ਗਿਆਨੀ ਜੀ ਰੁਚੀਆਂ ਦੀ ਪ੍ਰਬਲਤਾ ਗੁਰਮਤ ਦੇ ਗਿਆਨ ਦੇ ਸਦਕਾ ਇਕ ਮਹਾਨ ਸ਼ਖਸੀਅਤ ਬਣ ਕੇ ਉਭਰੇ। ਆਪ ਜੀ ਪੂਰਨ ਤਿਆਗੀ, ਸੰਜਮੀ, ਨਾਮਬਾਣੀ ਦੇ ਰਸੀਏ ਤੇ ਨਿਮਰਤਾ ਦੇ ਪੁੰਜ ਸਨ। ਆਪ ਜੀ ਦੀ ਕਥਾ ਵਿਚ ਇੰਨਾ ਰਸ ਸੀ ਕਿ ਦੂਰ-ਦੂਰ ਤੋਂ ਕਥਾ ਸੁਣਨ ਲਈ ਸੰਗਤਾਂ ਦਾ ਬਸ ਹੜ ਆ ਜਾਇਆ ਕਰਦਾ ਸੀ । ਜਦੋਂ ਆਪ ਜੀ ਕਥਾ ਕਰਦੇ ਸਨ ਤਾਂ ਸੰਗਤਾਂ ਓਸ ਟਾਈਮ ਲਈ ਕਿਸੇ ਹੋਰ ਹੀ ਦੁਨੀਆ ਵਿੱਚ ਵਿਚਰਦਾ ਮਹਿਸੂਸ ਕਰਦੀਆਂ ਸਨ। ਆਪ ਜੀ ਦਾ ਕਥਾ ਕਰਨ ਦਾ ਢੰਗ ਇੱਕ ਤਰਾਂ ਨਾਲ ਅਕਾਲ ਪੁਰਖ ਦੇ ਅਜਿਹੀ ਬਖਸ਼ਿਸ਼ ਸੀ ਜੋ ਹਰ ਕਥਾਕਾਰ ਦੇ ਹਿਸੇ ਨਹੀ ਆਈ।। ਓਹਨਾਂ ਦੇ ਬੋਲ ਸੰਗਤਾਂ ਦੇ ਸਿੱਧੇ ਹਿਰਦੇ ਵਿੱਚ ਉਤਰ ਜਾਂਦੇ ਸਨ । ਆਪ ਜੀ ਨੂੰ ਕਦੇ ਵੀ ਕਥਾ-ਭੇਂਟ ਮਾਇਆ ਦਾ ਲਾਲਚ ਨਹੀ ਸੀ ਹੁੰਦਾ ਬਲਕਿ ਉਹ ਇਹ ਮਾਇਆ ਨੂੰ ਲੋੜਵੰਦਾ ਵਿੱਚ ਵੰਡ ਕੇ ਬੜੇ ਖੁਸ਼ ਹੁੰਦੇ ਸਨ । ਆਪ ਜੀ ਰੋਜ਼ਾਨਾ ਅਮ੍ਰਿਤ ਵੇਲੇ ਉੱਠ ਕੇ ਨਿੱਤ-ਨੇਮ ਦੀਆਂ ਬਾਣੀਆਂ ਦਾ ਪਾਠ ਉੱਚੀ ਅਵਾਜ਼ ਵਿੱਚ ਕਰਿਆ ਕਰਦੇ ਸਨ। ਆਪ ਜੀ ਵਿੱਚ ਹੰਕਾਰ ਨਾਮ ਦੀ ਕੋਈ ਚੀਜ਼ ਹੀ ਨਹੀ ਸੀ । ਜਦ ਵੀ ਕਦੇ ਆਪ ਜੀ ਨੂੰ ਕਥਾ ਕਰਦੇ ਹੋਏ ਆਪਣੇ ਵਲੋਂ ਹੋਈ ਕਿਸੇ ਭੁੱਲ ਦਾ ਪਤਾ ਬਾਅਦ ਵਿੱਚ ਲਗਦਾ ਤਾਂ ਆਪ ਝੱਟ ਆਪਣੀ ਭੁੱਲ ਮੰਨ ਕੇ ਏਸ ਨੂੰ ਸੁਧਾਰ ਲੈਂਦੇ । 1958 ਵਿਚ ਆਪ ਜੀ ਦਾ ਵਿਆਹ ਬੀਬੀ ਸੁੰਦਰ ਕੌਰ ਨਾਲ ਹੋਇਆ। ਪਰ ਉਹਨਾਂ ਨੇ ਗ੍ਰਹਿਸਥੀ ਜੀਵਨ ਨੂੰ ਪ੍ਰਚਾਰ ਦੇ ਰਾਹ ਵਿੱਚ ਕਦੇ ਵੀ ਰੋੜਾ ਨਹੀ ਬਣਨ ਦਿੱਤਾ। 1960 ਵਿਚ ਉਨ੍ਹਾਂ ਆਪਣੇ ਗ੍ਰਹਿ ਅਲਵਰ ਵਿੱਚ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ ਕੀਤੀ। ਅਲਵਰ ਵਿੱਚ ਆਪ ਦੀ ਦੇਖ ਰੇਖ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ੁਰੂ ਹੋਏ। ਇਨ੍ਹਾਂ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਨੂੰ ਮੁਫਤ ਕਿਤਾਬਾਂ ਤੇ ਵਰਦੀਆਂ ਦਾ ਪ੍ਰਬੰਧ ਮਸਕੀਨ ਜੀ ਹੀ ਕਰਦੇ ਸਨ। ਅਲਵਰ ਵਿੱਚ ਹੁੰਦੇ ਗੁਰਮਤ ਸਮਾਗਮਾਂ ਦੀ ਆਪਣੀ ਹੀ ਸ਼ਾਨ ਹੁੰਦੀ ਸੀ ਇਨ੍ਹਾਂ ਵਿੱਚ ਦੇਸ਼ ਦੇ ਕੋਨੇ ਕੋਨੇ ਵਿੱਚੋਂ ਪੰਥ ਪ੍ਰਸਿੱਧ ਕੀਰਤਨੀਏ, ਪ੍ਰਚਾਰਕ, ਕਥਾਵਾਚਕ, ਢਾਡੀ, ਕਵੀ ਬਹੁਤ ਵੱਢੀ ਤਦਾਦ ਵਿੱਚ ਸ਼ਾਮਲ ਹੁੰਦੇ ਸਨ। ਮਸਕੀਨ ਜੀ ਖੁਦ ਆਏ ਹੋਏ ਸਾਰੇ ਪਰਚਾਰਕਾਂ ਅਤੇ ਵਿਦਵਾਨਾਂ ਦਾ ਸਨਮਾਨ ਕਰਿਆ ਕਰਦੇ ਸਨ । ਗਿਆਨੀ ਜੀ ਗਿਆਨ ਦੇ ਨਾ ਮੁੱਕਣ ਵਾਲੇ ਭੰਡਾਰ ਸਨ। ਉਨ੍ਹਾਂ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ, ਉਰਦੂ, ਅਰਬੀ, ਫਾਰਸੀ ਭਾਸ਼ਾਵਾਂ ਦਾ ਬਹੁਤ ਹੀ ਗੂੜ੍ਹਾ ਗਿਆਨ ਸੀ। ਗਿਆਨੀ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਇਤਿਹਾਸ ਅਤੇ ਸਿੱਖ ਧਰਮ ਨਾਲ ਸਬੰਧਤ ਪੁਰਾਤਨ ਤੇ ਵਰਤਮਾਨ ਗ੍ਰੰਥਾਂ ਅਤੇ ਵੇਦਾਂ, ਉਪਨਿਸ਼ਦਾਂ ਤੇ ਹੋਰ ਸੰਸਕ੍ਰਿਤ ਦਾ ਸਾਹਿਤ ਦਾ ਡੂੰਘਾ ਗਿਆਨ ਸੀ। ਉਹ ਕਥਾ ਦੇ ਦੌਰਾਨ ਬਹੁਤ ਹੀ ਸੋਹਣੇ ਅਰਬੀ, ਫਾਰਸੀ ਦੇ ਸ਼ੇਅਰ ਕਹਿ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੰਦੇ ਸਨ। ਉਨ੍ਹਾਂ ਨੇ ਦਸਮ ਗ੍ਰੰਥ ਨੂੰ ਬਹੁਤ ਹੀ ਡੂੰਘਾਈ ਨਾਲ ਜਾਚਿਆ ਹੋਇਆ ਸੀ। ਮਹਾਨ ਸ਼ਾਇਰ ਡਾ. ਮੁਹੱਮਦ ਇਕਬਾਲ, ਮਿਰਜ਼ਾ ਗ਼ਾਲਿਬ, ਮੀਰ ਤਕੀ ਮੀਰ ਜਿਹੇ ਮਹਾਨ ਸ਼ਾਇਰਾਂ ਦੇ ਕਲਾਮ ਉਨ੍ਹਾਂ ਨੂੰ ਜ਼ੁਬਾਨੀ ਯਾਦ ਸਨ। ਉਹ ਸਿੱਖ ਧਰਮ ਦੇ ਇਨਸਾਈਕਲੋਪੀਡੀਆ ਕਹੇ ਜਾ ਸਕਦੇ ਸਨ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ, ਪਸਾਰ ਅਤੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪੂਰੇ ਸੰਸਾਰ ਵਿਚ ਫੈਲਾਉਣ ਲਈ ਸ਼ਲਾਘਾਯੋਗ ਕੰਮ ਕੀਤਾ। ਮਸਕੀਨ ਜੀ ਨੇ ਅੱਧੀ ਸਦੀ ਤਕ ਦੇਸ਼ਾਂ-ਵਿਦੇਸ਼ਾਂ (ਕੁਵੈਤ, ਦੁਬਈ, ਥਾਈਲੈਂਡ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਅਮਰੀਕਾ, ਜਾਪਾਨ, ਇੰਗਲੈਂਡ, ਬੈਲਜੀਅਮ, ਡੈਨਮਾਰਕ, ਸਵੀਡਨ, ਹਾਲੈਂਡ, ਨੈਰੋਬੀ, ਮਲੇਸ਼ੀਆ, ਆਸਟਰੇਲੀਆ, ਈਰਾਨ, ਪਾਕਿਸਤਾਨ, ਕਤਰ, ਕੀਨੀਆ, ਬਹਿਰੀਨ) ਵਿਚ ਜਾ ਕੇ ਗੁਰਮਤਿ ਸੁਨੇਹਾ ਦਿੱਤਾ। ਉਨ੍ਹਾਂ ਨੇ ਆਪਣੀ ਗਲ ਨੂੰ ਸਾਹਮਣੇ ਵਾਲੇ ਤੱਕ ਪਹੁੰਚਾਉਣ ਲਈ ਇਕ ਬਹਤ ਹੀ ਪ੍ਰਭਾਵਸ਼ਾਲੀ ਤਰੀਕਾ ਵਿਕਸਿਤ ਕੀਤਾ ਹੋਇਆ ਸੀ। ਉਹਨਾਂ ਦਾ ਰਹਿਣ ਸਹਿਣ ਤੇ ਲਿਬਾਸ ਬਹੁਤ ਹੀ ਸਾਦਾ ਜਿਹਾ ਹੁੰਦਾ। ਉਹਨਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਂਦਾ ਸੀ ਕੇ ਉਹ ਏਨੇ ਮਹਾਨ ਵਿਅਕਤੀ ਹੋ ਸਕਦੇ ਹਨ। ਉਹਨਾਂ ਵਲੋਂ ਭਾਰਤ ਵਿਚ ਹਰ ਸਾਲ ਦਿੱਲੀ, ਫਰੀਦਾਬਾਦ, ਆਗਰਾ, ਕਾਨਪੁਰ, ਜੈਪੁਰ, ਕੋਲਕਾਤਾ, ਚੇਨਈ, ਮੁੰਬਈ, ਬੰਗਲੌਰ ਆਦਿ ਥਾਵਾਂ ’ਤੇ ਗੁਰਮਤਿ ਸਮਾਗਮ ਕਰਵਾਏ ਜਾਂਦੇ ਸਨ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ’ਤੇ ਪਟਨਾ ਸਾਹਿਬ ਵਿਖੇ, ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਦੀਵਾਲੀ ’ਤੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਮੰਜੀ ਸਾਹਿਬ ਦੇ ਦੀਵਾਨ ਹਾਲ ਵਿਚ ਸਵੇਰੇ ਸ਼ਾਮ ਕਥਾ ਅਤੇ ਗੁਰਬਾਣੀ ਦੀ ਵਿਆਖਿਆ 40 ਸਾਲ ਤੋਂ ਕਰਦੇ ਰਹੇ ਹਨ। ਉਨ੍ਹਾਂ ਨੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਕਦੇ ਵੀ ਕੋਈ ਭੇਟ ਨਹੀਂ ਲਈ ਸੀ। ਮਸਕੀਨ ਜੀ ਜਿੱਥੇ ਚੰਗੇ ਬੁਲਾਰੇ ਸਨ, ਉਥੇ ਉਹ ਕਲਮ ਦੇ ਧਨੀ ਵੀ ਸਨ। ਉਨ੍ਹਾਂ ਨੇ ਜਪੁ ਨੀਸਾਣ, ਗੁਰੂ ਚਿੰਤਨ, ਗੁਰੂ ਜੋਤੀ, ਬ੍ਰਹਮ ਗਿਆਨ, ਤੀਜਾ ਨੇਤਰ, ਪੰਜ ਤੱਤ, ਧਰਮ ਤੇ ਮਨੁੱਖ, ਮਸਕੀਨ ਜੀ ਦੇ ਲੈਕਚਰ ਸਮੇਤ ਇਕ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ ਹਨ। ਮਸਕੀਨ ਜੀ ਨੂੰ ਸਿਖ ਪੰਥ ਵਲੋਂ ਪੰਥ ਰਤਨ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ। ਆਪ ਜੀ ਨੂੰ ਸ੍ਰੀ ਅਕਾਲ ਤਖਤ ਵਲੋਂ ‘ਗੁਰਮਤਿ ਵਿੱਦਿਆ ਮਾਰਤੰਡ ‘ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪ ਨੂੰ ‘ਭਾਈ ਗੁਰਦਾਸ ਪੁਰਸਕਾਰ ਵੀ ਭੇਂਟ ਕੀਤਾ ਗਿਆ।ਗੁਰਬਾਣੀ ਦੇ ਵਾਕ ‘ਆਈ ਆਗਿਆ ਪਿਰਹੁ ਬੁਲਾਇਆ’ ਦੇ ਅਨੁਸਾਰ ਉਹ ਆਪਣੇ ਮਿਸ਼ਨ ਨੂੰ ਪੂਰੀ ਸੁਹਿਰਦਤਾ ਨਾਲ ਨੇਪਰੇ ਚਾੜ੍ਹਦੇ ਹੋਏ ਉਹ 18 ਫਰਵਰੀ 2005 ਨੂੰ ਯੂ ਪੀ ਦੇ ਸ਼ਹਿਰ ਇਟਾਵਾ ਵਿਖੇ ਪੰਥ ਅਤੇ ਮਨੁਖਤਾ ਨੂੰ ਸਦੀਵੀ ਵਿਛੋੜਾ ਦੇ ਗਏ। ਇਸ ਤਰਾਂ ਸਿੱਖ ਪੰਥ ਨੂੰ ਇਕ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਤੇ ਇਕ ਨਾ ਮਿਟ ਸਕਣ ਵਾਲਾ ਖਲਾਅ ਪੈਦਾ ਹੋ ਗਿਆ।